Back to Languages
Panjabi - Chapter 12
Translation by Dr. Muhamad Habib, Bhai Harpreet Singh, Maulana Wahiduddin Khan
Verse 1
ਅਲਿਫ.ਲਾਮ.ਰਾ., ਇਹ ਸਪਸ਼ਟ ਕਿਤਾਬ ਦੀਆਂ ਆਇਤਾਂ ਹਨ।
Verse 2
ਅਸੀਂ ਇਸ ਨੂੰ ਅਰਬੀ ਕੁਰਆਨ ਬਣਾ ਕੇ ਉਤਾਰਿਆ ਹੈ ਤਾਂ ਕਿ ਤੁਸੀ ਸਮਝੋਂ।
Verse 3
ਅਸੀਂ ਤੁਹਾਨੂੰ ਉੱਤਮ ਹਾਲ ਸੁਣਾਉਂਦੇ ਹਾਂ, ਇਸ ਕੁਰਆਨ ਦੇ ਰਾਹੀਂ ਜਿਹੜਾ ਲੋਕਾਂ ਵਿਚੋਂ ਸੀ।
Verse 4
ਜਦੋਂ ਯੂਸਫ ਨੇ ਅਪਣੇ ਪਿਤਾ (ਯਾਕੂਬ) ਨੂੰ ਕਿਹਾ, ਕਿ ਅੱਬਾ ਜਾਨ! ਮੈਂ ਸੁਪਨੇ ਵਿਚ ਗਿਆਰਾਂ ਤਾਰੇ ਅਤੇ ਸੂਰਜ ਚੰਦ ਦੇਖੇ ਹਨ, ਮੈਂ ਦੇਖਿਆ ਕਿ ਉਹ ਮੈਨੂੰ ਸਿਜਦਾ ਕਰ ਰਹੇ ਹਨ।
Verse 5
ਉਸ ਦੇ ਪਿਤਾ ਨੇ ਕਿਹਾ ਕਿ ਹੇ ਮੇਰੇ ਪੁੱਤਰ! ਤੂੰ ਆਪਣਾ ਇਹ ਸੁਪਨਾ ਆਪਣੇ ਭਰਾਵਾਂ ਨੂੰ ਨਾ ਸੁਣਾਈ, ਕਿਤੇ ਉਹ ਤੇਰੇ ਖਿਲਾਫ ਸਾਜਿਸ਼ ਕਰਨ ਨਾ ਲੱਗ ਜਾਣ। ਬੇਸ਼ੱਕ ਸ਼ੈਤਾਨ ਮਨੁੱਖ ਦਾ ਪ੍ਰਤੱਖ ਵੈਰੀ ਹੈ।
Verse 6
ਇਸ ਤਰ੍ਹਾਂ ਤੇਰਾ ਰੱਬ ਤੈਨੂੰ ਚੁਣ ਲਵੇਗਾ ਅਤੇ ਉਹ ਤੈਨੂੰ ਗੱਲਾਂ ਦੀ ਤੈਹ ਤੱਕ ਪੁਜਣਾ ਸਿਖਾਵੇਗਾ। ਉਹ ਤੇਰੇ ਅਤੇ ਯਕੂਬ ਦੀ ਔਲਾਦ ਉੱਪਰ ਅਪਣੇ ਉਪਕਾਰਾਂ ਨੂੰ ਪੂਰਨ ਕਰੇਗਾ। ਜਿਸ ਤਰਾਂ ਉਹ ਇਸ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਇਬਰਾਹੀਮ ਅਤੇ ਇਸਹਾਕ ਤੇ ਆਪਣੇ ਉਪਕਾਰ ਪੂਰੇ ਕਰ ਚੁਕਿਆ ਹੈ। ਬੇਸ਼ੱਕ ਤੇਰਾ ਰੱਬ ਗਿਆਨ ਅਤੇ ਬਿਬੇਕ ਵਾਲਾ ਹੈ।
Verse 7
ਅਸਲੀਅਤ ਇਹ ਹੈ ਕਿ ਯੂਸਫ ਅਤੇ ਉਸ ਦੇ ਭਰਾਵਾਂ ਵਿਚ ਪੁੱਛਣ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
Verse 8
ਜਦੋਂ ਉਸ ਦੇ ਭਰਾਵਾਂ ਨੇ ਆਪਿਸ ਵਿਚ ਕਿਹਾ ਕਿ ਯੂਸਫ ਅਤੇ ਉਸ ਦਾ ਭਰਾ ਸਾਡੇ ਪਿਤਾ ਨੂੰ ਸਾਡੇ ਤੋਂ ਜ਼ਿਆਦਾ ਪਿਆਰੇ ਹਨ। ਹਾਲਾਂਕਿ ਅਸੀਂ' ਇੱਕ ਪੂਰਾ ਜਥਾ ਹਾਂ। ਯਕੀਨਨ ਸਾਡਾ ਪਿਤਾ ਇੱਕ ਖੁੱਲ੍ਹੀ ਗਲਤ ਫ਼ਹਿਮੀ ਦਾ ਸ਼ਿਕਾਰ ਹੈ।
Verse 9
ਯੂਸਫ ਦੀ ਹੱਤਿਆ ਕਰ ਦੇਵੋ ਜਾਂ ਇਸ ਨੂੰ ਕਿਸੇ ਥਾਂ ਤੇ ਸੁੱਟ ਦੇਵੇਂ। ਤਾਂ ਕਿ ਤੁਹਾਡੇ ਪਿਤਾ ਦਾ ਧਿਆਨ ਸਿਰਫ਼ ਤੁਹਾਡੀ ਤਰਫ਼ ਹੋ ਜਾਵੇ। ਉਸ ਤੋ ਬਆਦ ਤੁਸੀਂ ਸੰਪੂਰਨ ਸਦਾਚਾਰੀ ਬਣ ਜਾਣਾ।
Verse 10
ਉਨ੍ਹਾਂ ਵਿੱਚੋਂ ਇੱਕ ਕਹਿਣ ਵਾਲੇ ਨੇ ਕਿਹਾ ਕਿ ਯੂਸਫ ਦੀ ਹਤਿਆ ਨਾ ਕਰੋ ਜੇਕਰ ਤੁਸੀ ਕੁਝ ਕਰਨ ਹੀ ਵਾਲੇ ਹੋ ਤਾਂ ਇਸ ਨੂੰ ਕਿਸੇ ਅੰਨ੍ਹੇ ਖੂਹ ਚ ਸੁੱਟ ਦੇਵੋ। ਕੋਈ ਯਾਤਰੀ ਕਾਫ਼ਲਾ ਇਸਨੂੰ ਕੱਢ ਕੇ ਲੈ ਜਾਵੇਗਾ।
Verse 11
ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਸਾਡੇ ਪਿਤਾ! ਕੀ ਗੱਲ ਹੈ ਕਿ ਤੁਸੀਂ ਯੂਸਫ ਦੇ ਮਾਮਲੇ ਵਿਚ ਸਾਡੇ ਉੱਪਰ ਭਰੋਸਾ ਨਹੀਂ ਕਰਦੇ। ਹਾਲਾਂਕਿ ਅਸੀਂ ਤਾ ਉਸ ਦਾ ਭਲਾ ਚਾਹੂਣ ਵਾਲੇ ਹਾਂ।
Verse 12
ਕੱਲ੍ਹ ਉੱਸ ਨੂੰ ਸਾਡੇ ਨਾਲ ਭੇਜ ਦੇਵੋ, ਖਾਵੇ ਅਤੇ ਖੇਡੇ ਅਸੀਂ ਉਸ ਦੀ ਰੱਖਿਆ ਕਰਾਂਗੇ।
Verse 13
ਪਿਤਾ ਨੇ ਕਿਹਾ ਕਿ ਮੈ ਦੂਖੀ ਹੋਵਾਗਾਂ ਜੇਕਰ ਤੁਸੀਂ ਇਸ ਨੂੰ ਲੈ ਗਏ। ਮੈਨੂੰ ਡਰ ਹੈ ਕਿ ਜਦੋਂ' ਤੁਸੀ ਬੇਧਿਆਨੀ ਕੀਤੀ ਤਾਂ ਇਸ ਨੂੰ ਕੋਈ ਬਘਿਆੜ ਨਾ ਖਾ ਜਾਏ।
Verse 14
ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਵੱਡਾ ਟੋਲਾ ਹਾਂ, ਜੇਕਰ ਇਸ ਨੂੰ ਬਘਿਆੜ ਖਾ ਗਿਆ ਤਾਂ ਅਸੀਂ ਵੱਡੇ ਘਾਟੇ ਵਾਲੇ ਸਿੱਧ ਹੋਵਾਂਗੇ।
Verse 15
ਫਿਰ ਜਦੋਂ ਉਹ ਉਸ ਨੂੰ ਨਾਲ ਲੈ ਗਏ ਅਤੇ ਇਹ ਤੈਅ ਕਰ ਲਿਆ ਕਿ ਉਸ ਨੂੰ ਇੱਕ ਅੰਨ੍ਹੇ ਖੂਹ ਵਿਚ ਧੱਕਾ ਦੇਣਾ ਹੈ। ਤਾਂ ਅਸੀਂ ਯੂਸਫ ਨੂੰ ਸੰਦੇਸ਼ ਭੇਜਿਆ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦਾ ਇਹ ਕੰਮ ਜਣਾਏਗਾ ਅਤੇ ਉਹ ਤੈਨੂੰ ਨਾ ਸਮਝਣਗੇ।
Verse 16
ਅਤੇ ਉਂਹ ਸ਼ਾਮ ਨੂੰ ਅਪਣੇ ਪਿਤਾ ਪਾਸ ਰੋਂਦੇ ਹੋਏ ਆਏ
Verse 17
ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਪਿਤਾ! ਅਸੀਂ ਦੌੜਣ ਦਾ ਮੁਕਾਬਲਾ ਕਰਨ ਲੱਗੇ ਅਤੇ ਯੂਸਫ ਨੂੰ ਆਪਣੇ ਸਮਾਨ ਕੋਲ ਛੱਡ ਦਿੱਤਾ ਫਿਰ ਉਸ ਨੂੰ ਬਘਿਆੜ ਖਾ ਗਿਆ। (ਪਰ) ਤੁਸੀ ਸਾਡੀ ਗੱਲ ਦਾ ਭਰੋਸਾ ਨਹੀਂ ਕਰੋਗੇ ਭਾਵੇਂ ਅਸੀਂ ਸੱਚੇ ਹੋਈਏ।
Verse 18
ਅਤੇ ਉਹ ਯੂਸਫ ਦੀ ਕਮੀਜ਼ ਉੱਪਰ ਨਕਲੀ ਲਹੂ ਲਾ ਕੇ ਲੈ ਆਏ। ਪਿਤਾ ਨੇ ਕਿਹਾ ਨਹੀਂ, ਸਗੋਂ ਤੁਹਾਡੇ ਮਨ ਨੇ ਤੁਹਾਡੇ ਲਈ ਇੱਕ ਗੱਲ ਬਣਾ ਦਿੱਤੀ ਹੈ। ਹੁਣ ਧੀਰਜ ਹੀ ਯੋਗ ਹੈ ਅਤੇ ਜਿਹੜੀ ਗੱਲ ਤੁਸੀਂ ਆਖਦੇ ਹੋ, ਉਸ ਲਈ ਮੈ ਅੱਲਾਹ ਤੋਂ ਹੀ ਮਦਦ ਮੰਗਦਾ ਹਾਂ।
Verse 19
ਅਤੇ ਜਦੋਂ ਇਕ ਕਾਫ਼ਲਾ ਆਇਆ ਤਾਂ ਉਨ੍ਹਾਂ ਨੇ ਆਪਣਾ ਪਾਣੀ ਭਰਨ ਵਾਲਾ ਭੇਜਿਆ। ਉਸ ਨੇ ਅਪਣਾ ਡੋਲ ਲਟਕਾ ਦਿੱਤਾ। ਉਸ ਨੇ ਕਿਹਾ ਚੰਗੀ ਖ਼ਬਰ ਹੋਵੇ, ਇਹ ਤਾਂ ਇੱਕ ਲੜਕਾ ਹੈ ਅਤੇ ਇਸ ਨੂੰ ਵਾਪਾਰਕ ਮਾਲ ਸਮਝ ਕੇ ਕਬਜ਼ੇ ਵਿਚ ਕਰ ਲਿਆ। ਅੱਲਾਹ ਚੰਗੀ ਤਰਾਂ ਜਾਣਦਾ ਸੀ ਜੋ ਉਹ ਕਰ ਰਹੇ ਸਨ।
Verse 20
ਉਨ੍ਹਾਂ ਨੇ ਉਸ ਨੂੰ ਥੋੜ੍ਹੀ ਜਿਹੀ ਕੀਮਤ ਤੇ ਕੁਝ ਦਿਰਹਮਾਂ ਦੇ ਬਦਲੇ ਵੇਚ ਦਿੱਤਾ। ਅਤੇ ਉਹ ਉਂਸ ਵਿਚ ਰੁਚੀ ਨਹੀਂ ਰਖਦੇ ਸਨ।
Verse 21
ਅਤੇ ਮਿਸਰ ਵੇ ਲੋਕਾਂ ਵਿੱਚੋਂ ਜਿਸ ਬੰਦੇ ਨੇ ਇਸ ਨੂੰ ਖ਼ਰੀਦਿਆ ਉਸ ਨੇ ਅਪਣੀ ਪਤਨੀ ਨੂੰ ਕਿਹਾ ਕਿ ਇਸ ਨੂੰ ਯੋਗ ਢੰਗ ਨਾਲ ਰੱਖੋ, ਉਮੀਦ ਹੈ, ਕਿ ਇਹ ਸਾਡੇ ਲਈ ਲਾਭਦਾਇਕ ਹੋਵੇ। ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਇਸ ਤਰਾਂ ਅਸੀਂ ਯੂਸਫ ਨੂੰ ਉਸ ਦੇਸ਼ ਵਿਚ ਥਾਂ ਦਿੱਤੀ। ਤਾਂ ਕਿ ਅਸੀਂ' ਉਸ ਨੂੰ ਗੱਲਾਂ ਦੇ ਨਤੀਜੇ ਤੋਂ ਜਾਣੂ ਕਰਵਾਈਏ ਅਤੇ ਅੱਲਾਹ ਨੂੰ ਹਰ ਕੰਮ ਵਿਚ ਤਾਕਤ ਪ੍ਰਾਪਤ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ।
Verse 22
ਅਤੇ ਜਦੋਂ ਉਹ ਆਪਣੀ ਜਵਾਨੀ ਵਿਚ ਪੁੱਜਾ ਤਾਂ ਅਸੀਂ' ਉੱਸ ਨੂੰ ਤਤ ਦਰਸ਼ਨ ਦਾ ਗਿਆਨ ਪ੍ਰਵਾਨ ਕੀਤਾ। ਨੇਕੀ ਕਰਨ ਵਾਲਿਆਂ ਨੂੰ ਅਸੀਂ ਅਜਿਹਾ ਹੀ ਫ਼ਲ ਬਖਸ਼ਦੇ ਹਾਂ।
Verse 23
ਅਤੇ ਯੂਸਫ ਜਿਸ ਔਰਤ ਦੇ ਘਰ ਵਿਚ ਸੀ। ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਉਸ ਇਸਤਰੀ ਨੇ ਦਰਵਾਜ਼ੇ ਬੰਦ ਕਰ ਲਏ ਅਤੇ (ਮੰਦ ਭਾਵਨਾ ਨਾਲ) ਕਹਿਣ ਲੱਗੀ ਕਿ ਆ ਜਾ। ਯੂਸਫ ਨੇ ਕਿਹਾ, ਕਿ ਮੈ ਅੱਲਾਹ ਦੀ ਸ਼ਰਣ ਚਾਹੁੰਦਾ ਹਾਂ, ਉਹ ਮੇਰਾ ਮਾਲਕ ਹੈ, ਉਸ ਨੇ ਮੈਨੂੰ ਚੰਗੀ ਤਰ੍ਹਾਂ ਰੱਖਿਆ ਹੈ। ਬੇਸ਼ੱਕ ਜ਼ਾਲਿਮ ਲੋਕ ਕਦੇ ਵੀ ਸਫ਼ਲ ਨਹੀਂ ਹੁੰਦੇ।
Verse 24
ਅਤੇ ਉਸ ਇਸਤਰੀ ਨੇ ਇਸ ਦਾ ਸੰਕਲਪ ਕਰ ਲਿਆ। ਉਹ ਵੀ ਝੂਕ ਜਾਂਦਾ ਜੇਕਰ ਉਹ ਆਪਣੇ ਰੱਬ ਦੇ ਸੰਕੇਤ ਨੂੰ ਨਾ ਦੇਖ ਲੈਂਦਾ। ਅਜਿਹਾ ਹੋਇਆ ਤਾਂ ਕਿ ਅਸੀਂ' ਉਸ ਤੋਂ ਬੁਰਾਈ ਅਤੇ ਅਸ਼ਲੀਲਤਾ ਨੂੰ ਦੂਰ ਕਰ ਦੇਈਏ। ਬੇਸ਼ੱਕ ਉਹ ਸਾਡੇ ਚੁਣੇ ਹੋਏ ਬੰਦਿਆਂ ਵਿੱਚੋਂ ਸੀ।
Verse 25
ਅਤੇ ਦੋਵੇਂ ਦਰਵਾਜ਼ੇ ਵੱਲ ਭੱਜੇ। ਔਰਤ ਨੇ ਯੂਸਫ ਦਾ ਕੁੜਤਾ ਪਿੱਛੋਂ ਪਾੜ੍ਹ ਦਿੱਤਾ। ਦੋਵਾਂ ਨੇ ਉਸ ਦੇ ਪਤੀ ਨੂੰ ਦਰਵਾਜ਼ੇ ਉੱਪਰ ਦੇਖਿਆ। ਔਰਤ ਬੋਲੀ ਕਿ ਜਿਹੜਾ ਤੇਰੀ ਘਰ ਵਾਲੀ ਦੇ ਨਾਲ ਮਾੜਾ ਕਰਨ ਦਾ ਇਰਾਦਾ ਕਰੇ। ਉਸ ਦੀ ਸਜ਼ਾ ਇਸ ਤੋਂ ਬਿਨ੍ਹਾਂ ਕੀ ਹੈ, ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਉਸ ਨੂੰ ਕਠੌਰ
Verse 26
(ਸਜ਼ਾ ਦਿੱਤੀ ਜਾਵੇ। ` 26) ਯੂਸਫ ਬੋਲਿਆ, ਕਿ ਇਸ ਨੇ ਮੈਨੂੰ ਭਰਮਾਉਣ ਦਾ ਯਤਨ ਕੀਤਾ। ਔਰਤ ਦੇ ਪਰਿਵਾਰ ਵਾਲਿਆਂ ਵਿਚੋਂ ਇੱਕ ਬੰਦੇ ਨੇ ਗਵਾਹੀ ਦਿੱਤੀ ਕਿ ਜੇਕਰ ਉਸ ਦਾ ਕੁੜਤਾ ਅੱਗੋਂ ਫਟਿਆ ਹੈ ਤਾਂ ਔਰਤ ਸੱਚੀ ਹੈ ਅਤੇ ਉਹ ਝੂਠਾ।
Verse 27
ਪਰ ਜੇਕਰ ਉਸ ਦਾ ਕੁੜਤਾ ਪਿੱਛੋਂ ਫਟਿਆ ਹੈ ਤਾਂ ਔਰਤ ਝੂਠੀ ਹੈ ਅਤੇ ਉਹ ਸੱਚਾ
Verse 28
ਫਿਰ ਜਦੋਂ ਅਜ਼ੀਜ਼ (ਔਰਤ ਦਾ ਘਰ ਵਾਲਾ) ਬੰਦੇ ਨੇ ਦੇਖਿਆ ਕਿ ਉਸ ਦਾ ਕਮੀਜ਼ ਪਿੱਛੇ ਤੋਂ ਫਟਿਆ ਹੈ, ਤਾਂ ਉਸ ਨੇ ਕਿਹਾ ਕਿ ਬੇਸ਼ੱਕ ਇਹ ਤੁਹਾਡੀ ਔਰਤਾਂ ਦੀ ਚਾਲ ਹੈ ਅਤੇ ਤੁਹਾਡੀਆਂ ਚਾਲਾਂ ਬਹੁਤ ਵੱਡੀਆਂ ਹੁੰਦੀਆਂ ਹਨ।
Verse 29
ਯੂਸਫ, ਇਸ ਨੂੰ ਮੁਆਫ਼ ਕਰੋ ਅਤੇ ਹੇ ਔਰਤ! ਤੂੰ ਆਪਣੇ ਅਪਰਾਧ ਦੀ ਮੁਆਫ਼ੀ ਮੰਗ। ਕੋਈ ਸ਼ੱਕ ਨਹੀਂ' ਤੂੰ ਹੀ ਅਪਰਾਧੀ ਸੀ।
Verse 30
ਅਤੇ ਨਗਰ ਦੀਆਂ ਔਰਤਾਂ ਕਹਿਣ ਲੱਗੀਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਨੌਜਵਾਨ ਗੁਲਾਮ ਦੇ ਪਿੱਛੇ ਪਈ ਹੋਈ ਹੈ। ਅਤੇ ਉਹ ਉਸ ਦੇ ਪ੍ਰੇਮ ਵਿਚ ਫਸੀ ਹੈ। ਅਸੀਂ ਦੇਖਦੇ ਹਾਂ ਕਿ ਉਹ ਸਪੱਸ਼ਟ ਗਲਤੀ ਕਰਦੀ ਹੈ।
Verse 31
ਫਿਰ ਜਦੋਂ ਉਸ ਨੇ ਉਨ੍ਹਾਂ ਦੀ ਬਾਣੀ ਸੁਣੀ ਤਾਂ ਉਸ ਨੇ ਉਨ੍ਹਾਂ ਨੂੰ ਬੁਲਾਵਾ ਭੇਜਿਆ ਅਤੇ ਉਹਨਾਂ ਲਈ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਹਰੇਕ ਨੂੰ ਇੱਕ-ਇੱਕ ਛੁਰੀ ਦਿੱਤੀ ਅਤੇ ਯੂਸਫ ਨੂੰ ਕਿਹਾ ਕਿ ਤੁਸੀਂ ਇਸ ਦੇ ਸਾਹਮਣੇ ਆਉ। ਫਿਰ ਜਦੋਂ ਔਰਤਾਂ ਨੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਈਆਂ। ਅਤੇ ਉਨ੍ਹਾਂ ਨੇ ਆਪਣੇ ਹੱਥ ਵੱਢ ਲਏ ਅਤੇ ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ, ਇਹ ਮਨੁੱਖ ਨਹੀਂ ਇਹ ਤਾਂ ਕੋਈ ਬਜ਼ੁਰਗ ਫ਼ਰਿਸ਼ਤਾ ਹੈ।
Verse 32
ਉਸ ਨੇ ਕਿਹਾ, ਇਹ ਉਹ ਹੀ ਹੈ ਜਿਸ ਦੇ ਸਬੰਧ ਵਿਚ ਤੁਸੀਂ ਮੇਰੀ ਨਿੰਦਿਆ ਕਰਦੀਆਂ ਸੀ ਅਤੇ ਮੈਂ ਇਸ ਨੂੰ ਫਸਾਉਣ ਦਾ ਯਤਨ ਕੀਤਾ ਪਰ ਉਹ ਬਚ ਗਿਆ ਅਤੇ ਜੇਕਰ ਇਸ ਨੇ ਉਹ ਨਹੀ ਕੀਤਾ ਜੋ ਮੈਂ ਇਸ ਨੂੰ ਕਹਿ ਰਹੀ ਹਾਂ ਤਾਂ ਉਹ ਜੇਲ੍ਹ ਵਿਚ ਜਾਵੇਗਾ ਅਤੇ ਜ਼ਰੂਰ ਬੇਇੱਜ਼ਤ ਹੋਵੇਗਾ
Verse 33
ਯੂਸਫ ਨੇ ਕਿਹਾ, ਹੈ ਮੇਰੇ ਪਾਲਣਹਾਰ! ਜੇਲ੍ਹ ਮੈਨੂੰ ਇਸ ਚੀਜ਼ ਨਾਲੋਂ ਜ਼ਿਆਦਾ ਪਿਆਰੀ ਹੈ। ਜਿਸ ਵੱਲ ਇਹ ਮੈਨੂੰ ਸ਼ੂਲਾ ਰਹੀਆਂ ਹਨ ਅਤੇ ਜੇਕਰ ਤੂੰ ਇਨ੍ਹਾਂ ਦੀ ਸਾਜਿਸ਼ ਤੋਂ ਮੈਨੂੰ ਨਾ ਬਚਾਇਆ ਤਾਂ ਮੈਂ ਉਨ੍ਹਾਂ ਵੱਲ ਝੁੱਕ ਜਾਵਾਂਗਾ ਅਤੇ ਅਗਿਆਨੀਆਂ ਵਿਚ ਸ਼ਾਮਿਲ ਹੋ ਜਾਵਾਂਗਾ।
Verse 34
ਇਸ ਲਈ ਉਸ ਦੇ ਰੱਬ ਨੇ ਉਸ ਦੀ ਅਰਦਾਸ ਸਵੀਕਾਰ ਕਰ ਲਈ ਅਤੇ ਉਨ੍ਹਾਂ ਦੀ ਸਾਜਿਸ਼ ਤੋਂ ਉਸ ਨੂੰ ਬਚਾ ਲਿਆ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
Verse 35
ਫਿਰ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਸਮਝ ਆਇਆ ਕਿ ਇੱਕ ਖਾਸ ਸਮੇਂ ਲਈ ਉਸ ਨੂੰ ਕੈਦ ਕਰ ਵੇਣ।
Verse 36
ਅਤੇ ਜੇਲ੍ਹ ਵਿਚ ਉਸ ਦੇ ਨਾਲ ਦੋ ਹੋਰ ਨੌਜਵਾਨ ਦਾਖਿਲ ਹੋਏ। ਉਸ ਵਿਚੋਂ ਇੱਕ ਨੇ ਇੱਕ ਦਿਨ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈ' ਸ਼ਰਾਬ ਕੱਢ ਰਿਹਾ ਹਾਂ ਅਤੇ ਦੂਜੇ ਨੇ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈਂ ਆਪਣੇ ਸਿਰ ਉੱਪਰ ਰੋਟੀ ਚੁੱਕੀ ਹੋਈ ਹੈ। ਜਿਸ ਨੂੰ ਚਿੜੀਆਂ ਖਾ ਰਹੀਆਂ ਹਨ ਸਾਨੂੰ ਇਸਦਾ ਅਰਥ ਦੱਸੋਂ। ਅਸੀਂ ਸਮਝਦੇ ਹਾਂ ਕਿ ਤੁਸੀਂ ਚੰਗੇ ਲੋਕਾਂ ਵਿਚੋਂ ਹੋ।
Verse 37
ਯੂਸਫ ਨੇ ਕਿਹਾ ਜਿਹੜਾ ਭੋਜਨ ਤੁਹਾਨੂੰ ਮਿਲਦਾ ਹੈ, ਉਸ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਨ੍ਹਾਂ ਸੁਪਨਿਆਂ ਦਾ ਮਤਲਬ ਦੱਸ ਦਿਆਂਗਾ। ਇਹ ਉਸ ਗਿਆਨ ਦੇ ਨਾਲ ਜਿਹੜਾ ਮੈਰੇ ਰੱਬ ਨੇ ਮੈਨੂੰ ਸਿਖਾਇਆ ਹੈ। ਮੈਂ ਉਨ੍ਹਾਂ ਲੋਕਾਂ ਦੇ ਧਰਮ ਨੂੰ ਛੱਡ ਦਿੱਤਾ ਜਿਹੜੇ ਅੱਲਾਹ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਨਾ ਹੀ ਪ੍ਰਲੋਕ ਵਿਚ ਵਿਸ਼ਵਾਸ਼ ਰੱਖਦੇ ਹਨ।
Verse 38
ਅਤੇ ਮੈਂ ਆਪਣੇ ਵਡੇਰੇ ਇਬਰਾਹੀਮ, ਇਸਹਾਕ ਅਤੇ ਯਾਕੂਬ ਦੇ ਧਰਮ ਦਾ ਪਾਲਣ ਕੀਤਾ। ਸਾਨੂੰ ਇਹ ਅਧਿਕਾਰ ਨਹੀਂ ਕਿ ਅਸੀਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਠਹਿਰਾਈਏ। ਇਹ ਅੱਲਾਹ ਦੀ ਕਿਰਪਾ ਹੈ ਸਾਡੇ ਉੱਪਰ ਅਤੇ ਸਾਰੇ ਲੋਕਾਂ ਉੱਪਰ ਪਰੰਤੂ ਜ਼ਿਆਦਾਤਰ ਲੋਕ ਸ਼ੁਕਰ ਗੁਜ਼ਾਰ ਨਹੀਂ ਹੁੰਦੇ।
Verse 39
ਹੇ ਮੇਰੇ ਜੇਲ੍ਹ ਦੇ ਸਾਥੀਓ ! ਕੀ ਅਲੱਗ -ਅਲੱਗ ਅਨੇਕਾਂ (ਦੇਵੀ-ਦੇਵਤੇ) ਪੂਜਦਯੋਗ ਉਤਮ ਹਨ ਜਾਂ ਇਕੱਲਾ ਅੱਲਾਹ ਸ਼ਕਤੀਸ਼ਾਲੀ ਹੈ।
Verse 40
ਤੁਸੀਂ ਉਸ ਤੋਂ ਬਿਨ੍ਹਾਂ ਨਹੀਂ ਪੂਜਦੇ ਹੋ ਪਰੰਤੂ ਕੁਝ ਨਾਵਾਂ ਨੂੰ ਜਿਹੜੇ ਤੁਸੀਂ ਅਤੇ ਤੁਹਾਡੇ ਵਡੇਰਿਆ ਨੇ ਰੱਖ ਲਏ ਹਨ। ਅੱਲਾਹ ਨੇ ਇਸ ਲਈ ਕੌਈ ਦਲੀਲ ਨਹੀਂ ਉਤਾਰੀ। ਸੱਤਾ ਸਿਰਫ਼ ਅੱਲਾਹ ਲਈ ਹੈ ਉਸ ਨੇ ਹੁਕਮ ਦਿੱਤਾ ਹੈ ਕਿ ਉਸ ਤੋਂ ਬਿਨ੍ਹਾਂ ਕਿਸੇ ਦੀ ਪੂਜਾ ਨਾ ਕਰੋਂ, ਇਹੀ ਸੱਚਾ ਧਰਮ ਹੈ ਪਰ ਬਹੁਤ ਲੋਕ ਨਹੀਂ ਜਾਣਦੇ।
Verse 41
ਹੈ ਮੇਰੇ ਜੇਲ੍ਹ ਦੇ ਸਾਥੀਓ! ਤੁਹਾਡੇ ਵਿਚੋਂ ਇੱਕ ਆਪਣੇ ਮਾਲਕ ਨੂੰ ਸ਼ਰਾਬ ਪਿਆਏਗਾ ਅਤੇ ਦੂਜੇ ਨੂੰ ਸੂਲੀ ਉੱਪਰ ਚੜਾਇਆ ਜਾਵੇਗਾ। ਫਿਰ ਪੰਛੀ ਉਸ ਦੇ ਸਿਰ ਵਿਚੋਂ ਖਾਣਗੇ। ਉਸ ਫੈਸਲੇ ਦਾ ਨਿਰਣਾ ਹੋ ਚੁੱਕਿਆ ਹੈ ਜਿਸ ਦੇ ਸਬੰਧ ਵਿਚ ਤੁਸੀਂ ਪੁੱਛ ਰਹੇ ਸੀ।
Verse 42
ਅਤੇ ਯੂਸਫ ਨੇ ਉਸ ਬੰਦੇ ਨੂੰ ਕਿਹਾ ਕਿ ਜਿਸ ਦੇ ਸਬੰਧ ਵਿਚ ਉਸ ਨੇ ਅਨੁਮਾਨ ਲਗਾਇਆ ਸੀ ਕਿ ਉਹ ਛੁੱਟ ਜਾਏਗਾ ਤਾਂ ਆਪਣੇ ਮਾਲਕ ਦੇ ਕੋਲ ਮੇਰਾ ਉਲੇਖ ਕਰਨਾ। ਫਿਰ ਸ਼ੈਤਾਨ ਨੇ ਉਸ ਨੂੰ ਆਪਣੇ ਮਾਲਕ ਕੋਲ ਉਲੇਖ ਕਰਨਾ ਭੂਲਾ ਦਿੱਤਾ। ਇਸ ਲਈ ਉਹ ਜੇਲ੍ਹ ਵਿਚ ਅਨੇਕਾਂ ਸਾਲਾਂ ਤੱਕ ਪਿਆ ਰਿਹਾ।
Verse 43
ਅਤੇ ਰਾਜੇ ਨੇ ਕਿਹਾ ਕਿ ਮੈਂ ਸੂਪਨਾ ਦੇਖਦਾ ਹਾਂ ਕਿ ਸੱਤ ਮੋਟੀਆਂ ਗਾਵਾਂ ਹਨ ਜਿਨ੍ਹਾਂ ਨੂੰ ਸੱਤ ਕਮਜ਼ੋਰ ਗਾਵਾਂ ਖਾ ਰਹੀਆਂ ਹਨ ਅਤੇ ਸੱਤ ਹਰੀਆਂ ਬੱਲੀਆਂ ਹਨ ਅਤੇ ਬਾਕੀ ਸੱਤ ਸੁੱਕੀਆਂ ਬੱਲੀਆਂ। ਹੇ ਦਰਬਾਰੀਓ! ਮੇਰੇ ਇਸ ਸੁਪਨੇ ਦਾ ਅਰਥ ਮੈਨੂੰ ਦੱਸੋ, ਜੇ ਤੁਸੀਂ ਸੁਪਨਿਆਂ ਦੇ ਅਰਥ ਕਰਨਾ ਜਾਣਦੇ ਹੋ।
Verse 44
ਉਹ ਕਹਿਣ ਲੱਗੇ ਇਹ ਕਾਲਪਨਿਕ ਸੁਪਨੇ ਹਨ ਅਤੇ ਸਾਨੂੰ ਅਜਿਹੇ ਸੁਪਨਿਆਂ ਦਾ ਮਤਲਬ ਨਹੀਂ ਪਤਾ।
Verse 45
ਉਨ੍ਹਾਂ ਦੋਵਾਂ ਕੈਦੀਆਂ ਵਿਚੋਂ ਜਿਹੜਾ ਬੱਚ ਗਿਆ ਸੀ ਉਸ ਨੂੰ ਇੱਕ ਲੰਬੇ ਸਮੇਂ ਬਾਅਦ ਯਾਦ ਆਇਆ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਦਾ ਅਰਥ ਦੱਸਾਂਗਾ ਬਸ ਤੁਸੀਂ ਮੈਨੂੰ ਯੂਸਫ ਦੇ ਕੌਲ ਜਾਣ ਦਿਉ।
Verse 46
ਯੂਸਫ, ਹੇ ਸੱਚੇ ! ਮੈਨੂੰ ਇਸ ਸੁਪਨੇ ਦਾ ਮਤਲਬ ਦੱਸੋ ਕਿ ਸੱਤ ਮੋਟੀਆਂ ਗਾਵਾਂ ਹਨ। ਜਿਨ੍ਹਾਂ ਨੂੰ ਸੱਤ ਕਮਜ਼ੋਰ ਗਾਵਾਂ ਖਾ ਰਹੀਆਂ ਹਨ ਅਤੇ ਸੱਤ ਹਰੀਆਂ ਜਾਵਾਂ ਅਤੇ ਉਹ ਸਮਝ ਲੈਣ।
Verse 47
ਯੂਸਫ ਨੇ ਕਿਹਾ, ਕਿ ਤੁਸੀਂ ਸੱਤ ਸਾਲਾਂ ਤੱਕ ਲਗਾਤਾਰ ਖੇਤੀ ਕਰੋਗੇ ਤਾਂ ਜਿਹੜੀ ਫਸਲ ਤੁਸੀਂ ਕੱਟੋ ਉਸ ਨੂੰ ਉਸਦੀਆਂ ਬੱਲੀਆਂ ਵਿਚ ਛੱਡ ਦੇਵੋਂ ਪਰੰਤੂ ਥੋੜ੍ਹਾ ਜਿਹਾ ਤੁਸੀਂ ਖਾਓ।
Verse 48
ਇਸ ਤੋਂ ਬਾਅਦ ਸੱਤ ਸਖ਼ਤ ਸਾਲ ਆਉਣਗੇ ਉਸ ਸਮੈ ਵਿਚ ਉਹ ਅਨਾਜ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਸ ਸਮੇਂ ਲਈ ਇਕੱਠਾ ਕਰੋਗੇ। ਇਸ ਵਿਚੋਂ' ਬਸ ਥੋੜ੍ਹਾ ਜਿਹਾ ਹੀ ਜਿਹੜਾ ਤੁਸੀਂ ਬਚਾ ਲਵੌਗੇ।
Verse 49
ਫਿਰ ਉਸ ਤੋਂ ਸ਼ਾਅਦ ਇੱਕ ਸਾਲ ਆਵੇਗਾ ਜਿਸ ਵਿਚ ਲੋਕਾਂ ਉੱਪਰ ਮੀਂਹ ਵਰਸੇਗਾ ਅਤੇ ਉਹ ਉਸ ਵਿਚੋਂ ਰਸ ਨਿਚੋੜਣਗੇ।
Verse 50
ਅਤੇ ਰਾਜਾ ਨੇ ਕਿਹਾ ਕਿ ਉਸ ਨੂੰ ਮੇਰੇ ਕੋਲ ਲੈ ਕੇ ਆਉ। ਫਿਰ ਜਦੋਂ ਕਾਸਿਦ (ਸੰਦੇਸ਼ ਲਿਆਉਣ ਵਾਲਾ) ਉਸ ਦੇ ਪਾਸ ਆਇਆ ਤਾਂ ਉਸ ਨੇ ਕਿਹਾ ਕਿ ਤੁਸੀਂ ਆਪਣੇ ਮਾਲਕ ਦੇ ਪਾਸ ਵਾਪਿਸ ਜਾਓ ਅਤੇ ਉਸ ਤੋਂ' ਪੁੱਛੋ ਕਿ ਉਨ੍ਹਾਂ ਔਰਤਾਂ ਦਾ ਕੀ ਮਸਲਾ ਹੈ ਜਿਨ੍ਹਾਂ ਨੇ ਆਪਣੇ ਹੱਥ ਕੱਟ ਲਏ ਸਨ। ਮੇਰਾ ਰੱਬ ਤਾਂ ਉਨ੍ਹਾਂ ਦੀ ਸਾਜਿਸ਼ ਤੋਂ ਭਲੀ ਭਾਂਤ ਜਾਣੂ ਹੈ।
Verse 51
ਰਾਜੇ ਨੇ ਪੁੱਛਿਆ, ਤੁਹਾਡਾ ਕੀ ਮਸਲਾ ਹੈ। ਜਦੋਂ ਤੁਸੀਂ ਯੂਸਫ ਨੂੰ ਫਸਾਉਣ ਦੀ ਇੱਛਾ ਕੀਤੀ ਸੀ। ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ ਅਸੀਂ ਉਸ ਵਿਚ ਕੋਈ ਸ਼ੁਰਾਈ ਨਹੀਂ ਪਾਈ। ਅਜ਼ੀਜ਼ ਦੀ ਪਤਨੀ ਨੇ ਕਿਹਾ, ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ। ਮੈ' ਹੀ ਉਸ ਨੂੰ ਫਸਾਉਣ ਦੀ ਕਾਮਨਾ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਸੱਚਾ ਹੈ।
Verse 52
ਇਹ ਇਸ ਲਈ ਕਿ (ਮਿਸਰ ਦਾ ਅਜ਼ੀਜ਼ ਹਾਕਮ) ਜਾਣ ਲਏ ਕਿ ਮੈਂ ਛੁੱਪ ਕੇ ਵਿਸ਼ਵਾਸ਼ਪਾਤ ਨਹੀਂ ਕੀਤਾ। ਕੋਈ ਸ਼ੱਕ ਨਹੀਂ ਅੱਲਾਹ ਵਿਸ਼ਵਾਸ਼ਪਾਤ ਕਰਨ ਵਾਲਿਆਂ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੰਦਾ।
Verse 53
ਅਤੇ ਮੈਂ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਦਾ। ਮਨ ਤਾਂ ਬੁਰਾਈ ਸਿਖਾਉਂਦਾ ਹੈ ਸਿਵਾਏ ਇਸ ਦੇ ਕਿ ਮੇਰਾ ਰੱਬ ਕਿਰਪਾ ਕਰੇ। ਬੇਸ਼ੱਕ ਮੇਰਾ ਰੱਬ ਮੁਆਫ਼ੀ ਦੇਣ ਵਾਲਾ ਦਿਆਲੂ ਹੈ।
Verse 54
ਅਤੇ ਰਾਜੇ ਨੇ ਆਖਿਆ ਉਸ ਨੂੰ ਮੇਰੇ ਕੋਲ ਲਿਆਉ ਉਸ ਨੂੰ ਮੈਂ ਖਾਸ ਤੌਰ ਤੇ ਆਪਣੇ ਲਈ ਰਖਾਂਗਾ। ਫਿਰ ਜਦੋਂ ਯੂਸਫ਼ ਨੇ ਉਸ ਨਾਲ ਗੱਲ ਕੀਤੀ ਤਾਂ ਰਾਜੇ ਨੇ ਕਿਹਾ ਕਿ ਅੱਜ ਤੋਂ ਤੁਸੀਂ ਸਾਡੇ ਇੱਥੇ ਸਨਮਾਨਿਤ ਅਤੇ ਭਰੋਸੇਯੋਗ ਹੋ।
Verse 55
ਯੂਸਫ ਨੇ ਕਿਹਾ, ਕਿ ਮੈਨੂੰ ਦੇਸ਼ ਦੇ ਖਜ਼ਾਨਿਆਂ ਤੇ ਨਿਯੁਕਤ ਕਰ ਦਿਉ। ਮੈਂ ਨਿਗਰਾਨ ਅਤੇ ਸੂਝਵਾਨ ਹਾਂ।
Verse 56
ਇਸ ਤਰ੍ਹਾਂ ਅਸੀਂ ਯੂਸਫ ਨੂੰ ਦੇਸ਼ ਵਿਚ ਅਧਿਕਾਰੀ ਬਣਾ ਦਿੱਤਾ। ਉਹ ਉਸ ਵਿਚ ਜਿੱਥੇ ਚਾਹੇ ਜਗ੍ਹਾ ਬਣਾਏ। ਅਸੀਂ ਜਿਸ ਤੇ ਚਾਹੁੰਦੇ ਹਨ ਨਦਰ ਕਰਦੇ ਹਾਂ ਅਤੇ ਅਸੀਂ ਚੰਗਾ ਕਰਮ ਕਰਨ ਵਾਲਿਆਂ ਦਾ ਫ਼ਲ ਬਰਬਾਦ ਨਹੀਂ ਕਰਦੇ।
Verse 57
ਅਤੇ ਪ੍ਰਲੋਕ ਦਾ ਫ਼ਲ ਕਿਤੇ ਜ਼ਿਆਦਾ ਸ਼੍ਰੇਸਟ ਹੈ ਈਮਾਨ ਅਤੇ ਅੱਲਾਹ ਦੇ ਆਸਰੇ ਵਿਚ ਰਹਿਣ ਵਾਲੇ ਲੋਕਾਂ ਲਈ।
Verse 58
ਅਤੇ ਯੂਸਫ ਦੇ ਭਰਾ ਮਿਸਰ ਆਏ। ਫਿਰ ਉਹ ਉਸ ਦੇ ਕੋਲ ਪਹੁੰਚੇ ਤਾਂ ਯੂਸਫ ਨੇ ਉਨ੍ਹਾਂ ਨੂੰ ਪਛਾਣ ਲਿਆ।
Verse 59
ਅਤੇ ਉਨ੍ਹਾਂ ਨੇ ਯੂਸਫ ਨੂੰ ਨਹੀਂ ਪਛਾਣਿਆ, ਜਦੋਂ ਉਸ ਨੇ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਤਾਂ ਕਿਹਾ ਕਿ ਆਪਣੇ ਮਤਰੇਏ ਭਰਾ ਨੂੰ ਵੀ ਮੇਰੇ ਕੋਲ ਲਿਆਉਣਾ। ਤੁਸੀਂ ਦੇਖਦੇ ਨਹੀਂ ਹੋ ਕਿ ਮੈਂ ਅਨਾਜ ਵੀ ਪੂਰਾ ਨਾਪ-ਤੋਲ ਕੇ ਦਿੰਦਾ ਹਾਂ ਅਤੇ ਬੇਹਤਰੀਨ ਮਹਿਮਾਨ ਨਿਵਾਜ਼ੀ ਕਰਨ ਵਾਲਾ ਹਾਂ।
Verse 60
ਅਤੇ ਜੇਕਰ ਤੁਸੀਂ ਉਸ ਨੂੰ ਮੇਰੇ ਕੌਲ ਨਾ ਲਿਆਏ ਤਾਂ ਨਾ ਮੇਰੇ ਕੋਲ ਤੁਹਾਡੇ ਲਈ ਅਨਾਜ ਹੈ ਅਤੇ ਨਾ ਤੁਸੀਂ ਮੇਰੇ ਕੋਲ ਆਉਣਾ।
Verse 61
ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਬਾਰੇ ਉਸ ਦੇ ਪਿਤਾ ਦੀ ਸਹਿਮਤੀ ਲੈਣ ਦਾ ਯਤਨ ਕਰਾਂਗੇ ਅਤੇ ਅਸੀਂ ਇਹ ਕੰਮ ਕਰਨਾ ਹੈ।
Verse 62
ਅਤੇ ਉਸ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਦਿੱਤਾ ਹੋਇਆ ਧਨ ਉਨ੍ਹਾਂ ਦੇ ਸਮਾਨ ਵਿਚ ਰੱਖ ਦਿਉ ਤਾਂ ਕਿ ਜਦੋਂ ਉਹ ਆਪਣੇ ਘਰ ਪਹੁੰਚਣ ਤਾਂ ਉਸ ਨੂੰ ਪਛਾਣ ਲੈਣ। ਆਸ ਹੈ, ਉਹ ਫਿਰ ਆਉਣ।
Verse 63
ਫਿਰ ਜਦੋਂ ਉਹ ਆਪਣੇ ਪਿਤਾ ਦੇ ਕੋਲ ਵਾਪਿਸ ਗਏ ਤਾਂ ਕਿਹਾ ਹੇ ਅੱਬਾ! ਸਾਡਾ ਅਨਾਜ ਰੋਕ ਦਿੱਤਾ ਗਿਆ ਹੈ। ਇਸ ਲਈ ਸਾਡੇ ਭਰਾ (ਬਿਨ ਯਾਮੀਨ) ਨੂੰ ਸਾਡੇ ਨਾਲ ਜਾਣ ਦਿਉ ਤਾਂ ਅਸੀਂ ਅਨਾਜ ਲੈ ਆਈਏ ਅਤੇ ਅਸੀਂ ਇਸ ਦੇ ਰੱਖਿਅਕ ਹਾਂ।
Verse 64
ਯਾਕੂਬ ਨੇ ਕਿਹਾ, ਕੀ ਮੈ' ਇਸ ਬਾਰੇ ਤੁਹਾਡਾ ਉਹੋ ਜਿਹਾ ਹੀ' ਭਰੋਸਾ ਕਰਾਂ ਜਿਵੇਂ ਕਿ ਇਸ ਤੋਂ ਪਹਿਲਾਂ ਇਸ ਦੇ ਭਰਾ ਦੇ ਸਬੰਧ ਵਿਚ ਤੁਹਾਡਾ ਵਿਸ਼ਵਾਸ਼ ਕਰ ਚੁੱਕਿਆ ਹਾਂ। ਤਾਂ ਅੱਲਾਹ ਉਤਮ ਰੱਖਿਅਕ ਹੈ ਅਤੇ ਉਹ ਸਭ ਕਿਰਪਾਲੂਆਂ ਤੋਂ ਵੱਡਾ ਕਿਰਪਾਲੂ ਹੈ।
Verse 65
ਜਦੋਂ' ਉਨ੍ਹਾਂ ਨੇ ਆਪਣਾ ਸਮਾਨ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦਾ ਧਨ ਵੀ ਉਨ੍ਹਾਂ ਨੂੰ ਵਾਪਿਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਹੇ ਅੱਬਾ! ਹੋਰ ਸਾਨੂੰ ਕੀ ਚਾਹੀਦਾ ਹੈ, ਸਾਡੀ ਪੂੰਜੀ ਸਾਨੂੰ ਵਾਪਿਸ ਕਰ ਦਿੱਤੀ ਗਈ ਹੈ। ਹੁਣ ਅਸੀਂ ਜਾਂਵਾਗੇ ਅਤੇ ਆਪਣੇ ਪਰਿਵਾਰ ਲਈ ਰਾਸ਼ਨ ਲੈ ਆਵਾਂਗੇ ਅਤੇ ਆਪਣੇ ਭਰਾ ਦੀ ਰੱਖਿਆ ਕਰਾਂਗੇ। ਅਤੇ ਇੱਕ ਊਠ ਦੇ ਭਾਰ ਅਨਾਜ ਜ਼ਿਆਦਾ ਲੈ ਆਵਾਂਗੇ ਕਿਉਂਕਿ ਇਹ ਅਨਾਜ ਤਾਂ ਥੋੜ੍ਹਾ ਹੈ।
Verse 66
ਯਾਕੂਬ ਨੇ ਕਿਹਾ ਮੈਂ ਇਸ ਨੂੰ ਤੁਹਾਡੇ ਨਾਲ ਕਵੀ ਵੀ ਨਹੀਂ ਭੇਜਾਗਾਂ। ਜਦੋਂ ਤੱਕ ਤੁਸੀਂ ਮੇਰੇ ਕੋਲ ਅੱਲਾਹ ਦੇ ਨਾਮ ਉੱਤੇ ਸਹੁੰ ਨਾ ਖਾਉ ਕਿ ਤੁਸੀਂ ਇਸ ਨੂੰ ਜ਼ਰੂਰ ਮੇਰੇ ਕੋਲ ਲੈ ਆਉਂਗੇ ਸਿਵਾਏ ਫਿਰ ਤੁਸੀਂ ਸਭ ਘਿਰ ਜਾਉਂ। ਫਿਰ ਜਦੋਂ ਉਨ੍ਹਾਂ ਨੇ ਆਪਣਾ ਪੱਕਾ ਵਚਨ ਦੇ ਦਿੱਤਾ ਤਾਂ ਉਸ ਨੇ ਕਿਹਾ, ਕਿ ਜੋ ਤੁਸੀਂ ਕਹਿ ਰਹੇ ਹੋ ਉਸ ਲਈ ਅੱਲਾਹ ਗਵਾਹ ਹੈ।
Verse 67
ਅਤੇ ਯਾਕੂਬ ਨੇ ਆਖਿਆ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇੱਕ ਹੀਂ ਦਰਵਾਜ਼ੇ ਵਿਚੋਂ ਪ੍ਰਵੇਸ਼ ਨਾ ਕਰਨਾ ਸਗੋਂ ਵੱਖ-ਵੱਖ ਦਰਵਾਜ਼ਿਆਂ ਤੋਂ ਅੰਦਰ ਜਾਣਾ। ਅਤੇ ਮੈਂ ਤੁਹਾਨੂੰ ਅੱਲਾਹ ਦੀ ਕਿਸੇ ਗੱਲ ਤੋਂ ਨਹੀਂ ਬਚਾ ਸਕਦਾ ਹੁਕਮ ਤਾਂ ਬੱਸ ਅੱਲਾਹ ਦਾ ਹੀ ਹੈ। ਮੈਂ ਉਸੇ ਉੱਪਰ ਭਰੋਸਾ ਕਰਦਾ ਹਾਂ ਅਤੇ ਭਰੋਸਾ ਕਰਨ ਵਾਲਿਆਂ ਨੂੰ ਉਸ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।
Verse 68
ਅਤੇ ਜਦੋਂ ਉਨ੍ਹਾਂ ਨੇ ਉਥੋਂ ਪ੍ਰਵੇਸ਼ ਕੀਤਾ ਜਿੱਥੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ। ਉਹ ਅੱਲਾਹ ਦੀ ਕਿਸੇ ਗੱਲ ਤੋਂ ਉਨ੍ਹਾਂ ਨੂੰ ਨਹੀਂ ਬਚਾ ਸਕਦਾ ਸੀ। ਉਹ ਸਿਰਫ਼ ਯਾਕੂਬ ਦੇ ਦਿਲ ਵਿਚ ਇੱਕ ਵਿਚਾਰ ਸੀ ਜਿਹੜਾ ਉਸ ਨੇ ਪੂਰਾ ਕੀਤਾ। ਬੇਸ਼ੱਕ ਉਹ ਸਾਡੀ ਦਿੱਤੀ ਹੋਈ ਸਿੱਖਿਆ ਤੋਂ ਜਾਣੂ ਸੀ ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
Verse 69
ਅਤੇ ਜਦੋਂ ਉਹ ਯੂਸਫ ਦੇ ਪਾਸ ਪਹੁੰਚੇ ਤਾਂ ਉਸ ਨੇ ਅਪਣੇ ਭਰਾ ਨੂੰ ਆਪਣੇ ਨਾਲ ਰੱਖਿਆ। ਕਿਹਾ ਕਿ ਮੈਂ' ਤੇਰਾ ਭਰਾ ਯੂਸਫ ਹਾਂ। ਇਸ ਲਈ ਉਸ ਤੋਂ ਦੁਖੀ ਨਾ ਹੋ ਜਿਹੜਾ ਉਹ ਕਰ ਰਹੇ ਹਨ।
Verse 70
ਫਿਰ ਜਦੋਂ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਗਿਆ, ਤਾਂ ਪੀਣ ਦਾ ਪਿਆਲਾ ਆਪਣੇ ਭਰਾ ਦੇ ਸਮਾਨ ਵਿਚ ਰੱਖ ਦਿੱਤਾ ਗਿਆ। ਫਿਰ ਇੱਕ ਪੁਕਾਰਨ ਵਾਲੇ ਨੇ ਪੁਕਾਰਿਆ ਕਾਫਲੇ ਵਾਲਿਓ! ਤੁਸੀ ਚੋਰ ਹੋ।
Verse 71
ਉਨ੍ਹਾਂ ਨੇ ਮੁੜ ਕੇ ਉਸ ਨੂੰ ਪੁੱਛਿਆ ਕਿ ਤੁਹਾਡੀ ਕੀ ਚੀਜ਼ ਚੌਰੀ ਹੋ ਗਈ ਹੈ।
Verse 72
ਉਨ੍ਹਾਂ ਨੇ ਕਿਹਾ ਕਿ ਸਾਨੂੰ ਰਾਜ ਦਾ ਪਿਆਲਾ ਨਹੀਂ ਲੱਭ ਰਿਹਾ। ਜਿਹੜਾ ਵੀ ਉਸਨੂੰ ਲੱਭੇਗਾ ਉਸ ਨੂੰ ਇੱਕ ਊਠ ਦੇ ਭਾਰ ਦੇ ਬਰਾਬਰ ਅਨਾਜ ਦਿੱਤਾ ਜਾਵੇਗਾ। ਮੈਂ ਇਸ ਵਾ ਜ਼ਿੰਮਾ ਲੈਂਦਾ ਹਾਂ।
Verse 73
ਉਨ੍ਹਾਂ ਨੇ ਕਿਹਾ ਕਿ ਅੱਲਾਹ ਦੀ ਸਹੁੰ, ਤੁਹਾਨੂੰ ਪਤਾ ਹੈ ਕਿ ਅਸੀਂ ਲੋਕ ਇਸ ਦੇਸ਼ ਵਿਚ ਮਾਹੌਲ ਵਿਗਾੜਣ ਨਹੀਂ ਆਏ, ਅਤੇ ਨਾ ਹੀ ਕਦੇ ਅਸੀਂ' ਚੋਰ ਸੀ।
Verse 74
ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਝੂਠੇ ਨਿਕਲੇ ਤਾਂ ਉਸ ਚੋਰੀ ਦੀ ਸਜ਼ਾ ਕੀ ਹੋਵੇਗੀ।
Verse 75
ਉਨ੍ਹਾਂ ਨੇ ਕਿਹਾ ਕਿ ਜਿਸ ਬੰਦੇ ਦੇ ਸਮਾਨ ਵਿਚੋਂ ਉਹ ਨਿਕਲੇ, ਤਾਂ ਉਹ ਹੀ ਉਸ ਦੀ ਸਜ਼ਾ ਹੈ। ਅਸੀਂ ਲੋਕ ਜਾਲਿਮਾਂ ਨੂੰ ਅਜਿਹਾ ਹੀ ਦੰਡ ਦਿੰਦੇ ਹਾਂ।
Verse 76
ਫਿਰ ਉਸਨੇ ਨੇ ਉਸ ਦੇ (ਛੋਟੇ) ਭਰਾ ਤੋਂ ਪਹਿਲਾਂ ਉਨ੍ਹਾਂ ਦੇ ਥੈਲਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਫਿਰ ਉਸ ਦੇ ਭਰਾ ਦੇ ਕੈਲੇ ਵਿੱਚੋਂ ਉਸ ਨੂੰ ਕੱਢ ਲਿਆ। ਇਸ ਤਰਾਂ ਅਸੀਂ ਯੂਸਫ਼ ਲਈ ਤਰੀਕਾ ਅਪਣਾਇਆ। ਉੱਤੇ ਰਾਜ ਦੇ ਕਾਨੂੰਨ ਅਨੁਸਾਰ ਉਹ ਆਪਣੇ ਭਰਾ ਨੂੰ ਨਹੀਂ ਲੈ ਸਕਦਾ ਸੀ। ਪਰ ਇਹ ਕਿ ਅੱਲਾਹ ਚਾਹਵੇ। ਅਸੀਂ ਜਿਸ ਦੇ ਦਰਜੇ ਚਾਹੁੰਦੇ ਹਾਂ ਉੱਚਾ ਕਰ ਢਿੰਦੇ ਹਾਂ ਅਤੇ ਉਹ ਗਿਆਨਵਾਨ ਤੋਂ ਉੱਚਾ ਇੱਕੋਂ ਗਿਆਨਵਾਨ ਹੈ।
Verse 77
ਉਨ੍ਹਾਂ ਨੇ ਕਿਹਾ ਕਿ ਜੇ ਇਹ ਜੋਰੀ ਕਰੇ ਤਾਂ ਇਸ ਦਾ ਇੱਕ ਭਰਾ ਵੀ ਇਸ ਤੋਂ ਪਹਿਲਾਂ ਚੋਰੀ ਕਰ ਚੁੱਕਾ ਹੈ। ਇਸ ਲਈ ਯੂਸਫ ਨੇ ਇਸ ਗੱਲ ਨੂੰ ਅਪਣੇ ਨੇ ਅਪਣੇ ਮਨ ਵਿਚ ਕਿਹਾ ਕਿ ਤੁਸੀਂ ਖੂਦ ਹੀ ਬੂਰੇ ਲੋਕ ਹੋ। ਜਿਹੜਾ ਕੁਝ ਤੁਸੀ ਵਰਨਣ ਕਰ ਰਹੇ ਹੋ, ਅੱਲਾਹ ਉਸ ਨੂੰ ਚੰਗੀ ਤਰਾਂ ਜਾਣਦਾ ਹੈ।
Verse 78
ਉਨ੍ਹਾਂ ਨੇ ਕਿਹਾ ਕਿ ਹੇ ਅਜ਼ੀਜ਼! (ਰਾਜਨ) ਇਸ ਦਾ ਇੱਕ ਬਹੁਤ ਬਜ਼ੁਰਗ ਪਿਤਾ ਹੈ। 'ਇਸ ਲਈ ਤੁਸੀਂ ਇਸ ਦੀ ਥਾਂ ਸਾਡੇ ਵਿੱਚੋਂ ਕਿਸੇ ਇਕ ਨੂੰ ਰੱਖ ਲਵੋ। ਅਸੀਂ ਤੁਹਾਨੂੰ ਬਹੂਤ ਭਲਾ ਦੇਖਦੇ ਹਾਂ
Verse 79
ਉਸਨੇ ਕਿਹਾ ਕਿ ਅੱਲਾਹ ਦੀ ਸ਼ਰਣ ਅਸੀਂ ਉਸ ਤੋਂ ਬਿਨਾ ਕਿਸੇ ਨੂੰ ਨਹੀਂ ਪਕੜਨਾ ਜਿਸ ਪਾਸੋਂ ਅਸੀਂ ਸਮਾਨ ਬਰਾਮਦ ਕੀਤਾ ਹੈ। ਇਸ ਅਵਸਥਾ ਵਿਚ ਅਸੀਂ' ਜ਼ਰੂਰ ਜ਼ਾਲਿਮ ਕਹਾਵਾਂਗੇ।
Verse 80
ਜਦੋਂ ਉਹ ਉਸ ਤੋਂ ਨਿਰਾਸ਼ ਹੋ ਗਏ ਤਾਂ ਉਹ ਅਲੱਗ ਬੈਠ ਕੇ ਸਲਾਹ ਕਰਨ ਲੱਗੇ। ਉਨ੍ਹਾਂ ਵਿਚੋਂ ਵੱਡੇ ਨੇ ਆਖਿਆ ਕਿ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਅੱਲਾਹ ਦੀ ਸਹੁੰ ਦੇ ਕੇ ਪੱਕਾ ਵਚਨ ਲਿਆ ਸੀ ਅਤੇ ਇਸ ਤੋਂ' ਪਹਿਲਾਂ ਯੂਸਫ ਦੇ ਮਾਮਲੇ ਵਿਚ ਤੁਸੀਂ ਅਜਿਹਾ ਜ਼ੁਲਮ ਕਰ ਚੁੱਕੇ ਹੋ। ਉਹ ਵੀ ਤੁਹਾਨੂੰ ਪਤਾ ਹੈ। ਇਸ ਲਈ ਮੈਂ ਇਸ ਜਗ੍ਹਾ ਤੋਂ ਕਦੇ ਨਹੀਂ ਜਾਵਾਂਗਾ, ਜਦੋਂ ਤੱਕ ਮੇਰਾ ਪਿਤਾ ਮੈਨੂੰ ਆਗਿਆ ਨਾ ਦੇਵੇ। ਜਾਂ ਅੱਲਾਹ ਕੋਈ ਫੈਸਲਾ ਨਾ ਕਰ ਦੇਵੇ। ਉਹ ਸਭ ਤੋਂ ਵੱਡਾ ਫੈਸਲਾ ਕਰਨ ਵਾਲਾ ਹੈ।
Verse 81
ਤੁਸੀਂ ਲੋਕ ਆਪਣੇ ਪਿਤਾ ਦੇ ਕੋਲ ਜਾਉ। ਕਹੋ ਕਿ ਹੇ ਸਾਡੇ ਪਿਤਾ! ਤੁਹਾਡੇ ਪੁੱਤਰ ਨੇ ਚੌਰੀ ਕੀਤੀ ਅਤੇ ਅਸੀਂ ਉਹ ਗੱਲ ਹੀ ਕਰ ਰਹੇ ਹਾਂ ਜੋ ਸਾਨੂੰ ਪਤਾ ਲੱਗੀ ਅਤੇ ਅਸੀਂ' ਗੁਪਤ ਰਹੱਸ ਦੇ ਜਾਣੂ ਨਹੀਂ।
Verse 82
ਅਤੇ ਤੁਸੀਂ ਉਸ ਸ਼ਹਿਰ ਦੇ ਲੋਕਾਂ ਨੂੰ ਪੁੱਛ ਲਵੋ, ਜਿਥੇ ਅਸੀਂ ਸੀ। ਉਸ ਕਾਫ਼ਲੇ ਨੂੰ ਵੀ ਪੁੱਛ ਲਵੋ, ਜਿਸ ਨਾਲ ਅਸੀਂ ਆਏ ਹਾਂ। ਅਸੀਂ ਪੂਰਨ ਤੌਰ ਤੇ ਸੱਚੇ ਹਾਂ।
Verse 83
ਪਿਤਾ ਨੇ ਕਿਹਾ, ਸਗੋਂ ਤੁਸੀਂ ਆਪਣੇ ਮਨੋਂ ਇੱਕ ਗੱਲ ਬਣਾ ਲਈ ਹੈ। ਇਸ ਲਈ ਮੈਂ ਧੀਰਜ ਰੱਖਾਂਗਾ। ਆਸ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ ਨੂੰ ਮੇਰੇ ਕੋਲ ਲੈ ਆਏਗਾ। ਉਹ ਸਭ ਕੁਝ ਜਾਨਣ ਵਾਲਾ ਹੈ।
Verse 84
ਅਤੇ ਉਸ ਨੇ ਮੂੰਹ ਫੇਰ ਲਿਆ ਅਤੇ ਆਖਿਆ, ਹਾਏ ਯੂਸਫ! ਅਤੇ ਚੁੱਖ ਨਾਲ ਉਸ ਦੀਆਂ ਅੱਖਾਂ ਚਿੱਟੀਆਂ ਹੋਂ ਗਈਆਂ। ਉਹ ਘੁੱਟਿਆ ਘੁੱਟਿਆ ਰਹਿਣ ਲੱਗ ਪਿਆ।
Verse 85
ਉਨ੍ਹਾਂ ਨੇ ਕਿਹਾ ਅੱਲਾਹ ਦੀ ਕਸਮ ਤੁਸੀ ਯੂਸਫ ਦੀ ਹੀ ਯਾਦ ਵਿਚ ਹੀ ਰਹੋਂਗੇ। ਇਥੋਂ ਤੱਕ ਕਿ ਆਪਣੇ ਆਪ ਨੂੰ ਖ਼ਤਮ ਕਰ ਲਵੋ ਜਾਂ ਮੌਤ ਨੂੰ ਪ੍ਰਾਪਤ ਨਾ ਹੋ ਜਾਵੋ।
Verse 86
ਉਸ ਨੇ ਕਿਹਾ ਮੈਂ ਅਪਣੇ ਕਸ਼ਟ ਅਤੇ ਪੀੜਾ ਦੀ ਸ਼ਿਕਾਇਤ ਸਿਰਫ਼ ਅੱਲਾਹ ਕੋਲ ਹੀ ਕਰਦਾਂ ਹਾਂ, ਅਤੇ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ, ਜਿਹੜੀਆਂ ਤੁਸੀਂ ਨਹੀਂ ਜਾਣਦੇ
Verse 87
ਹੇ ਮੇਰੇ ਪੁੱਤਰੋ! ਜਾਉ, ਯੂਸਫ ਅਤੇ ਉਸ ਦੇ ਭਰਾ ਦੀ ਤਲਾਸ਼ ਕਰੋਂ ਅਤੇ ਅੱਲਾਹ ਦੀ ਦਿਆਲਤਾ ਤੋਂ' ਨਿਰਾਸ਼ ਨਾ ਹੋਵੋ। ਅੱਲਾਹ ਦੀ ਰਹਿਮਤ ਤੋਂ ਸਿਰਫ਼ ਉਸ ਦੇ ਇਨਕਾਰੀ ਹੀ ਨਿਰਾਸ਼ ਹੁੰਦੇ ਹਨ।
Verse 88
ਫਿਰ ਜਦੋਂ ਉਹ ਯੂਸਫ ਦੇ ਕੌਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਹੇ ਅਜ਼ੀਜ਼! (ਰਾਜਾ) ਸਾਨੂੰ ਅਤੇ ਸਾਡੇ ਘਰ ਵਾਲਿਆਂ ਨੂੰ ਬਹੁਤ ਦੁੱਖ ਪਹੁੰਚ ਰਿਹਾ ਹੈ ਅਤੇ ਅਸੀਂ ਭੋੜ੍ਹੀ ਪੂੰਜੀ ਲੈ ਕੇ ਆਏ ਹਾਂ। ਤੁਸੀਂ ਸਾਨੂੰ ਪੂਰਾ ਅਨਾਜ ਦੇ ਦੇਵੋ ਅਤੇ ਸਾਨੂੰ ਦਾਨ ਵੀ ਦੇਵੋ। ਬੇਸ਼ੱਕ ਅੱਲਾਹ ਦਾਨ ਕਰਨ ਵਾਲਿਆਂ ਨੂੰ ਉਸ ਦਾ ਫ਼ਲ ਦਿੰਦਾ ਹੈ।
Verse 89
ਉਨ੍ਹਾਂ ਨੇ ਕਿਹਾ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਯੂਸਫ ਅਤੇ ਉਸ ਦੇ ਭਰਾ ਦੇ ਨਾਲ ਕੀ ਕੀਤਾ ਜਦੋਂ ਤੁਹਾਨੂੰ ਸਮਝ ਨਹੀਂ ਸੀ।
Verse 90
ਉਨ੍ਹਾਂ ਨੇ ਕਿਹਾ, ਕੀ ਅਸਲ ਵਿਚ ਤੁਸੀਂ ਹੀਂ ਯੂਸਫ ਹੋ। ਉਸ ਨੇ ਕਿਹਾ ਹਾਂ, ਮੈ ਯੂਸਫ ਹਾਂ ਅਤੇ ਇਹ ਮੋਰਾ ਭਰਾ ਹੈ। ਅੱਲਾਹ ਨੇ ਸਾਡੇ ਉੱਪਰਖ਼ ਕਿਰਪਾ ਕੀਤੀ। ਜਿਹੜਾ ਸ਼ੰਦਾ ਅੱਲਾਹ ਤੋਂ ਡਰਦਾ ਅਤੇ ਧੀਰਜ ਰੱਖਦਾ ਹੈ ਤਾਂ ਅੱਲਾਹ ਨੇਕ ਕਰਮ ਕਰਨ ਵਾਲਿਆਂ ਦਾ ਫ਼ਲ ਖ਼ਤਮ ਨਹੀਂ ਕਰਦਾ।
Verse 91
ਭਰਾਵਾਂ ਨੇ ਕਿਹਾ, ਅੱਲਾਹ ਦੀ ਕਸਮ ਅੱਲਾਹ ਨੇ ਤੁਹਾਨੂੰ ਸਾਡੇ ਉੱਪਰ ਉੱਤਮਤਾ ਬਖਸ਼ੀ ਹੈ। ਕੋਈ ਸ਼ੱਕ ਨਹੀਂ ਅਸੀਂ ਹੀ ਮਾੜੇ ਰਾਹ ਉੱਪਰ ਸੀ।
Verse 92
ਯੂਸਫ ਨੇ ਕਿਹਾ, ਅੱਜ ਤੁਹਾਡੇ ਉੱਪਰ ਕੋਈ ਦੋਸ਼ ਨਹੀਂ। ਅੱਲਾਹ ਤੁਹਾਨੂੰ ਮੁਆਫ਼ ਕਰੇ, ਉਹ ਸਭ ਕਿਰਪਾਲੂਆਂ ਤੋਂ ਵੱਡਾ ਕਿਰਪਾਲੂ ਹੈ।
Verse 93
ਤੁਸੀਂ ਮੇਰਾ ਇਹ ਕੁੜਤਾ ਲੈ ਜਾਉ ਅਤੇ ਇਸ ਨੂੰ ਮੇਰੇ ਪਿਤਾ ਦੇ ਮੁੰਹ ਉੱਪਰ ਫੇਰ ਦਿਉ ਉਸ ਦੀ ਰੌਸ਼ਨੀ ਵਾਪਿਸ ਆ ਜਾਵੇਗੀ ਅਤੇ ਤੁਸੀਂ ਆਪਣੇ ਘਰ ਵਾਲਿਆਂ ਨਾਲ ਮੇਰੇ ਕੋਲ ਆ ਜਾਉ।
Verse 94
ਅਤੇ ਜਦੋਂ ਭਾਈਆਂ ਦਾ ਕਾਫਲਾ ਮਿਸਰ ਤੋਂ ਵਾਪਿਸ ਚੱਲਿਆ ਤਾਂ ਉਸ ਦੇ ਪਿਤਾ ਨੇ ਕਿਨਾਨ ਵਿਚ ਕਿਹਾ ਕਿ ਜੇਕਰ ਤੁਸੀਂ' ਮੈਨੂੰ ਬੁੱਢਾਪੇ ਵਿਚ ਝੱਲੀਆਂ ਗੱਲਾਂ ਕਰਨ ਵਾਲਾ ਨਾ ਸਮਝੋ ਤਾਂ ਮੈ' ਯੂਸਫ ਦੀ ਖ਼ੁਸ਼ਬੂ ਪਾ ਰਿਹਾ ਹਾਂ।
Verse 95
ਲੋਕਾਂ ਨੇ ਕਿਹਾ, ਅੱਲਾਹ ਦੀ ਸਹੁੰ, ਆਪ ਤਾਂ ਅਜੇ ਤੱਕ ਆਪਣੇ ਪੁਰਾਣੇ ਭਰਮਾਂ ਵਿਚ ਡੁੱਥੇ ਹੋ।
Verse 96
ਤਾਂ ਜਦੋਂ ਖੂਸ਼ਖ਼ਬਰੀ ਦੇਣ ਵਾਲਾ ਆਇਆ ਤਾਂ ਉਸ ਨੇ ਕੁੜਤਾ ਯਾਕੂਬ ਦੇ ਮੂੰਹ ਉੱਪਰ ਪਾ ਦਿੱਤਾ। ਅਤੇ ਉਸ ਦੀ ਰੌਸ਼ਨੀ ਵਾਪਿਸ ਆ ਗਈ। ਉਸ ਨੇ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।
Verse 97
ਯੂਸਫ ਦੇ ਭਰਾਵਾਂ ਨੇ ਕਿਹਾ ਹੇ ਸਾਡੇ ਪਿਤਾ! ਸਾਡੇ ਪਾਪਾਂ ਦੀ ਮੁਆਫ਼ੀ ਲਈ ਬੇਨਤੀ ਕਰੋ। ਕੋਈ ਸ਼ੱਕ ਨਹੀਂ ਅਸੀਂ ਅਪਰਾਧੀ ਸੀ।
Verse 98
ਯਾਕੂਬ ਨੇ ਆਖਿਆ ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਵਾਸਤੇ ਬੇਨਤੀ ਕਰਾਂਗਾ। ਕੋਈ ਸ਼ੱਕ ਨਹੀ' ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
Verse 99
ਜਦੋਂ ਸਾਰੇ ਯੂਸਫ ਦੇ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਮਿਸਰ ਵਿਚ ਅੱਲਾਹ ਦੀ ਕਿਰਪਾ ਨਾਲ ਸ਼ਾਂਤੀ ਪੂਰਵਕ ਰਹੋ।
Verse 100
ਅਤੇ ਉਸ ਨੇ ਆਪਣੇ ਮਾਤਾ ਪਿਤਾ ਨੂੰ ਸਿੰਘਾਸਨ ਤੇ ਬਿਠਾਇਆ ਅਤੇ ਸਾਰੇ ਉਸ ਲਈ ਸਿਜਦੇ ਵਿਚ ਝੁੱਕ ਗਏ। ਅਤੇ ਯੂਸਫ ਨੇ ਕਿਹਾ ਕਿ ਹੇ ਅੱਬਾ ਜਾਨ! ਇਹ ਹੈ ਮੇਰੇ ਸੁਪਨੇ ਦਾ ਅਰਥ ਜਿਹੜਾ ਮੈਂ ਪਹਿਲਾਂ ਦੇਖਿਆ ਸੀ। ਮੇਰੇ ਰੱਬ ਨੇ ਉਸ ਨੂੰ ਸੱਚਾ ਕਰ ਦਿੱਤਾ ਹੈ। ਉਸ ਨੇ ਮੇਰੇ ਉੱਪਰ ਰਹਿਮਤ ਕੀਤੀ ਮੈਨੂੰ ਬੰਦੀਖਾਨੇ ਤੋਂ ਅਜ਼ਾਦ ਕਰਵਾਇਆ ਅਤੇ ਤੁਹਾਨੂੰ ਸਭ ਨੂੰ ਪਿੰਡ ਚੋਂ' ਏਥੇ ਲੈ ਆਇਆ। (ਉਹ ਵੀ) ਇਸ ਤੋਂ ਬਾਅਦ ਕਿ ਸ਼ੈਤਾਨ ਨੇ ਮੇਰੇ ਅਤੇ ਮੇਰੇ ਭਰਾਵਾਂ ਦੇ ਵਿਚ ਕਲੇਸ਼ ਪਾ ਦਿੱਤਾ ਸੀ। ਬੇਸ਼ੱਕ ਮੇਰਾ ਰੱਬ ਜੋ ਕੁਝ ਚਾਹੁੰਦਾ ਹੈ ਉਹ ਉਸ ਲਈ ਚੰਗੀ ਜੁਗਤੀ ਘੜ ਦਿੰਦਾ ਹੈ। ਉਹ ਜਾਣਨ ਵਾਲਾ ਬਿਬੇਕ ਵਾਲਾ ਹੈ।
Verse 101
ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਸੱਤਾ ਵਿੱਚੋਂ ਹਿੱਸਾ ਦਿੱਤਾ ਅਤੇ ਮੈਨੂੰ ਗੱਲਾਂ ਦਾ ਅਰਥ ਜਾਣਨਾ ਸਿਖਾਇਆ। ਹੇ ਅਕਾਸ਼ਾਂ ਅਤੇ ਧਰਤੀ ਦੇ ਰਚਨਹਾਰ! ਤੂੰ ਦੂਨੀਆ ਅਤੇ ਆਖ਼ਰਤ ਵਿਚ ਮੇਰਾ ਕਾਰਜ ਸਵਾਰਨ ਵਾਲਾ ਹੈ, ਮੈਨੂੰ ਆਗਿਆਕਾਰੀ ਦੀ ਦਸ਼ਾ ਵਿਚ ਮੌਤ ਦੇਵੀ ਅਤੇ ਮੈਨੂੰ ਚੰਗੇ ਉਪਾਸਕਾਂ ਵਿਚ ਸ਼ਾਮਿਲ ਕਰ ਲੈ।
Verse 102
ਇਹ ਗੁਪਤ ਸੂਚਨਾਵਾਂ ਵਿਚੋਂ' ਹੈ। ਜੋ ਅਸੀਂ ਤੁਹਾਡੇ ਉੱਪਰ ਵਹੀ ਕਰ ਰਹੇ ਹਾਂ ਅਤੇ ਤੁਸੀ ਉਸ ਸਮੇਂ' ਉਨ੍ਹਾਂ ਦੇ ਕੋਲ ਹਾਜ਼ਿਰ ਨਹੀਂ ਸੀ, ਜਦੋਂ ਯੂਸਫ ਦੇ ਭਰਾਵਾਂ ਨੇ ਆਪਣਾ ਇਰਾਦਾ ਪੱਕਾ ਕੀਤਾ ਅਤੇ ਉਹ ਸਾਜਿਸ਼ ਕਰ ਰਹੇ ਸਨ।
Verse 103
ਅਤੇ ਤੁਸੀਂ ਕਿੰਨਾਂ ਵੀ ਚਾਹੋ ਜ਼ਿਆਦਾਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ।
Verse 104
ਅਤੇ ਤੁਸੀਂ ਇਸ ਲਈ ਉਨ੍ਹਾਂ ਤੋਂ ਕੋਈ ਮੁਆਵਜ਼ਾ ਨਹੀਂ' ਮੰਗਦੇ। ਇਹ ਤਾਂ ਸਾਰੇ ਸੰਸਾਰ ਵਾਲਿਆਂ ਲਈ ਸਿਰਫ਼ ਇੱਕ ਉਪਦੇਸ਼ ਹੈ।
Verse 105
ਅਤੇ ਆਕਾਸ਼ਾਂ ਤੇ ਧਰਤੀ ਵਿਚ ਕਿੰਨੀਆਂ ਹੀਂ ਨਿਸ਼ਾਨੀਆਂ ਹਨ। ਜਿਨ੍ਹਾਂ ਕੋਲੋਂ ਉਹ ਗੁਜ਼ਰਦੇ ਰਹਿੰਦੇ ਹਨ, ਪਰ ਉਹ ਉਨ੍ਹਾਂ ਉੱਪਰ ਧਿਆਨ ਨਹੀਂ ਦਿੰਦੇ।
Verse 106
ਅਤੇ ਜ਼ਿਆਦਾਤਰ ਲੋਕ ਜਿਹੜੇ ਅੱਲਾਹ ਨੂੰ ਮੰਨਦੇ ਹਨ ਉਹ ਉਸ ਦੇ ਨਾਲ ਦੂਸਰਿਆਂ ਨੂੰ ਵੀ ਸ਼ਰੀਕ ਠਹਿਰਾਉਂਦੇ ਹਨ।
Verse 107
ਕੀ ਇਹ ਲੋਕ ਇਸ ਗੱਲ ਤੇ ਰਾਜ਼ੀ ਹਨ ਕਿ ਉਨ੍ਹਾਂ ਉੱਪਰ ਅੱਲਾਹ ਦੀ ਦੁੱਖ-ਵਾਈ ਆਫ਼ਤ ਆ ਪਵੇ ਜਾਂ ਅਚਾਨਕ ਉਨ੍ਹਾਂ ਉੱਪਰ ਪਰਲੋ ਆ ਜਾਵੇ ਅਤੇ ਉਹ ਉਸ ਤੋਂ ਅਗਿਆਤ ਹੋਣ।
Verse 108
ਆਖੋਂ ਕਿ ਇਹ ਮੇਰਾ ਰਾਹ ਹੈ। ਮੈਂ ਸਪੱਸ਼ਟ ਗਿਆਨ ਦੇ ਨਾਲ ਅੱਲਾਹ ਵੱਲ ਸੱਦਦਾ ਹਾਂ, ਮੈਂ ਵੀ ਅਤੇ ਉਹ ਲੋਕ ਵੀ ਜਿਨ੍ਹਾਂ ਨੇ ਮੇਰਾ ਪਾਲਣ ਕੀਤਾ ਹੈ। ਅਤੇ ਅੱਲਾਹ ਪਵਿੱਤਰ ਹੈ ਅਤੇ ਮੈਂ ਸ਼ਰੀਕ ਮੰਨਣ ਵਾਲਿਆਂ ਵਿਚੋਂ ਨਹੀਂ।
Verse 109
ਅਤੇ ਅਸੀਂ' ਤੁਹਾਡੇ ਤੋਂ ਪਹਿਲਾਂ ਵੱਖ-ਵੱਖ ਸ਼ਸਤੀਆਂ ਵਿਚ ਜਿੰਨ੍ਹੇ ਰਸੂਲ ਭੇਜੇ, (ਉਹ) ਸਾਰੇ ਮਨੁੱਖ ਹੀ ਸਨ। ਅਸੀਂ ਉਨ੍ਹਾਂ ਵੱਲ ਸੰਦੇਸ਼ ਭੇਜਦੇ ਸੀ। ਕੀ ਇਹ ਲੋਕ ਧਰਤੀ ਉੱਪਰ ਚੱਲੇ ਫਿਰੇ ਨਹੀਂ ਕਿ ਸਮਝਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕੀ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾਂ ਸਨ। ਅਤੇ ਆਖਿਰਤ ਦਾ ਘਰ ਉਨ੍ਹਾਂ ਲਈ ਵਧੀਆ ਹੈ, ਜਿਹੜੇ ਡਰਦੇ ਹਨ। ਕੀ ਤੁਸੀਂ ਨਹੀਂ ਸਮਝਦੇ।
Verse 110
ਇੱਥੋਂ ਤੱਕ ਕਿ ਜਦੋਂ ਰਸੂਲ ਉਦਾਸ ਹੋ ਗਏ ਅਤੇ ਵਿਚਾਰ ਕਰਨ ਲੱਗੇ ਕਿ ਸ਼ਾਇਦ ਉਨ੍ਹਾਂ ਨੂੰ ਝੂਠ ਕਿਹਾ ਗਿਆ ਸੀ; ਤਾਂ ਉਨ੍ਹਾਂ ਨੂੰ ਸਾਡੀ ਸਹਾਇਤਾ ਮਿਲ ਗਈ। ਫਿਰ ਮੁਕਤੀ ਮਿਲੀ (ਉਸ ਨੂੰ) ਜਿਸ ਨੂੰ ਅਸੀਂ ਚਾਹਿਆ। ਅਤੇ ਪਾਪੀ ਲੋਕਾਂ ਤੋਂ ਸਾਡੀ ਆਫ਼ਤ ਨੂੰ ਟਾਲਿਆ ਨਹੀਂ ਜਾ ਸਕਦਾ।
Verse 111
ਇਨ੍ਹਾਂ ਸੱਚੀਆਂ ਸਾਖੀਆਂ ਵਿਚ ਬੁੱਧੀ ਰੱਖਣ ਵਾਲਿਆਂ ਲਈ ਬੜੀ ਸਿੱਖਿਆ ਹੈ। ਇਹ ਕੋਈ ਘੜੀਆਂ ਹੋਈਆਂ ਗੱਲਾਂ ਨਹੀਂ ਬਲਕਿ ਪੁਸ਼ਟੀ ਹਨ ਉਨ੍ਹਾਂ ਦੀ (ਤੌਰੇਤ ਅਤੇ ਇੰਜੀਲ) ਜੋ ਇਸ ਤੋਂ ਪਹਿਲਾਂ ਮੌਜੂਦ ਸਨ। ਅਤੇ ਵਿਆਖਿਆ ਹੈ ਅਤੇ ਮਾਰਗ ਦਰਸ਼ਨ ਅਤੇ ਰਹਿਮਤ ਹੈ ਈਮਾਨ ਵਾਲਿਆਂ ਲਈ।