Back to Languages
Panjabi - Chapter 80
Translation by Dr. Muhamad Habib, Bhai Harpreet Singh, Maulana Wahiduddin Khan
Verse 1
ਉਸ ਨੇ ਮੱਥੇ ਤਿਉੜੀਆਂ ਚੜ੍ਹਾਈਆਂ ਅਤੇ ਮੂੰਹ ਫੇਰ ਲਿਆ।
Verse 2
ਇਸ ਗੱਲ ਲਈ ਕਿ ਉਸ ਦੇ ਕੌਲ ਅੰਨ੍ਹਾਂ ਆਇਆ।
Verse 3
ਅਤੇ ਤੁਹਾਨੂੰ ਕੀ ਪਤਾ ਕਿ ਉਹ ਸੁਧਰ ਜਾਵੇ।
Verse 4
ਜਾਂ ਉਹ ਉਪਦੇਸ਼ ਨੂੰ ਸੁਣੇ ਅਤੇ ਉਪਦੇਸ਼ ਉਸ ਦੇ ਕੰਮ ਆ ਜਾਵੇ।
Verse 5
ਜਿਹੜਾ ਬੰਦਾ ਲਾਪਰਵਾਹੀ ਵਰਤਦਾ ਹੈ।
Verse 6
ਤੁਸੀਂ ਉਸ ਦੀ ਚਿੰਤਾ ਵਿਚ ਪਏ ਰਹਿੰਦੇ ਹੋ।
Verse 7
ਹਾਲਾਂਕਿ ਜੇਕਰ ਉਹ ਨਾ ਸੁਧਰੇ ਤਾਂ ਤੁਹਾਡੇ ਉੱਤੇ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ।
Verse 8
ਅਤੇ ਜਿਹੜਾ ਬੰਦਾ ਤੁਹਾਡੇ ਕੌਲ ਭੱਜਦਾ ਹੋਇਆ ਆਉਂਦਾ ਹੈ।
Verse 9
ਅਤੇ ਉਹ ਡਰਦਾ ਹੈ।
Verse 10
ਤਾਂ ਤੁਸੀਂ ਉਸ ਨਾਲ ਲਾਪਰਵਾਹੀ ਵਰਤਦੇ ਹੋ।
Verse 11
ਕਦੇ ਵੀ ਨਹੀਂ, ਇਹ ਤਾਂ ਇੱਕ ਉਪਦੇਸ਼ ਹੈ।
Verse 12
ਸੋ ਜਿਹੜਾ ਚਾਹੇ ਉਸ ਨੂੰ ਯਾਦ ਕਰੇ।
Verse 13
ਉਹ ਅਜਿਹੇ ਸਤਿਕਾਰਯੋਗ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ।
Verse 14
ਜਿਹੜੇ ਸ੍ਰੇਸ਼ਟ ਅਤੇ ਪਵਿੱਤਰ ਹਨ।
Verse 15
ਲਿਖਣ ਵਾਲਿਆਂ ਦੇ ਹੱਥਾਂ ਵਿੱਚ।
Verse 16
ਇੱਜ਼ਤਦਾਰ ਅਤੇ ਨੇਕ।
Verse 17
ਬੁਰਾ ਹੋਵੇ ਮਨੁੱਖ ਦਾ, ਉਹ ਕਿਹੋ ਜਿਹਾ ਅਕ੍ਰਿਤਘਣ (ਨਾ-ਸ਼ੁਕਰਾ) ਹੈ।
Verse 18
ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ।
Verse 19
ਇੱਕ ਬੂੰਦ ਤੋਂ ਉਸ ਨੂੰ ਪੈਦਾ ਕੀਤਾ, ਫਿਰ ਉਸ ਲਈ ਅੰਦਾਜ਼ਾ ਠਹਿਰਾਇਆ।
Verse 20
ਫਿਰ ਉਸ ਲਈ ਰਸਤਾ ਸੌਖਾ ਕਰ ਦਿੱਤਾ।
Verse 21
ਫਿਰ ਉਸ ਨੂੰ ਮੌਤ ਦਿੱਤੀ, ਫਿਰ ਉਸ ਨੂੰ ਕਬਰ ਵਿਚ ਲੈ ਗਿਆ।
Verse 22
ਫਿਰ ਜਦੋਂ ਉਹ ਚਾਹੇਗਾ ਤਾਂ ਉਸ ਨੂੰ ਮੁੜ ਜੀਵਿਤ ਕਰ ਦੇਵੇਗਾ।
Verse 23
ਕਦੇ ਵੀ ਨਹੀਂ ਉਸ ਨੇ ਉਹ ਪੂਰਾ ਨਹੀਂ' ਕੀਤਾ, ਜਿਸ ਦਾ ਅੱਲਾਹ ਨੇ ਉਸ ਨੂੰ ਹੁਕਮ ਕੀਤਾ ਸੀ।
Verse 24
ਸੋ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਭੋਜਨ ਨੂੰ ਦੇਖੇ।
Verse 25
ਅਸੀਂ ਚੰਗੀ ਤਰ੍ਹਾਂ ਪਾਣੀ ਵਰਸਾਇਆ।
Verse 26
ਫਿਰ ਅਸੀਂ ਧਰਤੀ ਨੂੰ ਖਾਸ ਤੌਰ ਤੇ ਪਾੜਿਆ।
Verse 27
ਫਿਰ ਉਸ ਵਿਚ ਅਨਾਜ ਉਗਾਇਆ।
Verse 28
ਅੰਗੂਰ ਅਤੇ ਤਰਕਾਰੀਆਂ।
Verse 29
ਜੈਤੂਨ ਅਤੇ ਖੰਜੂਰ।
Verse 30
ਅਤੇ ਸੰਘਣੇ ਬਾਗ਼।
Verse 31
ਫ਼ਲ ਅਤੇ ਹਰਿਆਲੀ।
Verse 32
ਤੁਹਾਡੇ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਇਹ ਸਾਰਾ ਕੁਝ ਪੈਦਾ ਕੀਤਾ)।
Verse 33
ਸੋ ਜਦੋਂ (ਕਿਆਮਤ ਦਾ) ਕੰਨਾਂ ਨੂੰ ਬੋਲਾ ਕਰ ਦੇਣ ਵਾਲਾ ਉਹ ਸ਼ੋਰ ਹੋਵੇਗਾ।
Verse 34
ਜਿਸ ਦਿਨ ਮਨੁੱਖ ਆਪਣੇ ਭਰਾਵਾਂ ਤੋਂ (ਦੂਰ) ਭੱਜੇਗਾ।
Verse 35
ਅਤੇ ਆਪਣੀ ਮਾਂ ਤੋਂ ਅਤੇ ਆਪਣੇ ਪਿਉ ਤੋਂ।
Verse 36
ਅਤੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਤੋਂ।
Verse 37
ਉਨ੍ਹਾਂ ਵਿਚੋਂ ਹਰੇਕ ਬੰਦਾ ਨੂੰ ਉਸ ਦਿਨ ਅਜਿਹਾ ਫਿਕਰ ਹੋਵੇਗਾ, ਜਿਹੜਾ ਉਨ੍ਹਾਂ ਨੂੰ ਦੂਸਰਿਆਂ ਤੋਂ ਬੇਪਰਵਾਹ ਕਰ ਦੇਵੇਗਾ।
Verse 38
ਕੁਝ ਚਿਹਰੇ ਉਸ ਦਿਨ ਚਮਕ ਰਹੇ ਹੋਣਗੇ।
Verse 39
ਹੱਸਦੇ ਹੋਏ ਅਤੇ ਖੁਸ਼ੀਆਂ ਮਾਣਦੇ ਹੋਏ।
Verse 40
ਅਤੇ ਉਸ ਦਿਨ ਕੁਝ ਚਿਹਰਿਆਂ ਤੇ ਧੂੜ ਮਿੱਟੀ ਉੱਡ ਰਹੀ ਹੋਵੇਗੀ।
Verse 41
ਉਨ੍ਹਾਂ ਉੱਤੇ ਕਾਲਖ ਛਾਈ ਹੋਈ ਹੋਵੇਗੀ।
Verse 42
ਇਹ ਹੀ ਲੋਕ ਢੀਠ ਅਵੱਗਿਆਕਾਰੀ ਹਨ।